ਪੰਜਾਬ ਸਰਕਾਰ ਜਲਦ ਹੀ ਅਧਿਆਪਕਾਂ ਦੀ ਨਵੀਂ ਤਬਾਦਲਾ ਨੀਤੀ ਲਾਗੂ ਕਰਨ ਜਾ ਰਹੀ ਹੈ। ਹੁਣ ਪਤੀ-ਪਤਨੀ, ਫ਼ੌਜੀਆਂ ਦੀਆਂ ਪਤਨੀਆਂ ਆਦਿ ਆਪਣੀ ਪਸੰਦ ਦੀਆਂ ਥਾਵਾਂ ’ਤੇ ਨੌਕਰੀ ਕਰ ਸਕਦੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ ਨਵੀਂ ਤਬਾਦਲਾ ਨੀਤੀ ਅਗਲੇ 2 ਹਫ਼ਤਿਆਂ ਬਾਅਦ ਕਿਸੇ ਵੀ ਦਿਨ ਲਾਗੂ ਹੋ ਜਾਵੇਗੀ।
ਇਸ ਤੋਂ ਪਹਿਲਾਂ ਮਾਰਚ 2018 ਵਿਚ ਤਤਕਾਲੀ ਸਰਕਾਰ ਨੇ ਅਧਿਆਪਕਾਂ ਲਈ ਤਬਾਦਲਾ ਨੀਤੀ ਲਾਗੂ ਕੀਤੀ ਸੀ, ਜਿਸ ਅਨੁਸਾਰ ਕਿਸੇ ਵੀ ਅਧਿਆਪਕ ਨੂੰ ਸੱਤ ਸਾਲ ਤੋਂ ਵੱਧ ਸਮੇਂ ਤੱਕ ਇੱਕੋ ਥਾਂ ਤੇ ਰਹਿਣ ਅਤੇ ਤਿੰਨ ਸਾਲ ਤੋਂ ਪਹਿਲਾਂ ਅਧਿਆਪਕਾਂ ਦੀ ਬਦਲੀ ਕਰਨ ਦੀ ਮਨਾਹੀ ਸੀ ਅਤੇ ਮਾਰਚ ਦੇ ਅੰਤ ਵਿਚ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਨਵੀਂ ਜਗ੍ਹਾ ’ਤੇ ਨਿਯੁਕਤੀ ਅਪ੍ਰੈਲ ਦੇ ਪਹਿਲੇ ਹਫ਼ਤੇ ਰੱਖੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਸੈਸ਼ਨ ਦੌਰਾਨ ਤਬਾਦਲੇ ਕਾਰਨ ਪੜ੍ਹਾਈ ਵਿਚ ਕੋਈ ਵਿਘਨ ਨਾ ਪਵੇ। ਜਿਨ੍ਹਾਂ ਅਧਿਆਪਕਾਂ ਤੇ ਅਧਿਆਪਕਾਵਾਂ ਨੂੰ ਤਬਾਦਲਾ ਸੂਚੀ ਵਿਚ ਸ਼ਾਮਲ ਕੀਤਾ ਗਿਆ ਉਨ੍ਹਾਂ ਦੇ ਕੈਂਸਰ, ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ, ਅਨੀਮੀਆ, ਥੈਲੇਸੀਮੀਆ ਜਾਂ ਡਾਇਲਸਿਸ ਤੋਂ ਪੀੜਤ ਹੋਣ, 60 ਫੀਸਦੀ ਤੱਕ ਦਿਵਿਆਂਗ, ਤਲਾਕਸ਼ੁਦਾ ਹੋਣ ਅਤੇ ਜਿਨ੍ਹਾਂ ਦੇ ਵਿਸ਼ੇਸ਼ ਬੱਚੇ ਹਨ ਨੂੰ ਅਨਲਾਈਨ ਤਬਾਦਲਿਆਂ ਵਿਚ ਤਰਜੀਹ ਦਿੱਤੀ ਗਈ ਸੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਫਿਲਹਾਲ ਤਬਾਦਲੇ ਬੰਦ ਹਨ ਕਿਉਂਕਿ ਨਵੀਂ ਤਬਾਦਲਾ ਨੀਤੀ 2 ਹਫ਼ਤਿਆਂ ਤੱਕ ਆ ਜਾਵੇਗੀ ਅਤੇ ਇਸ ਮੌਜੂਦਾ ਤਬਾਦਲਾ ਨੀਤੀ ਵਿਚ ਬਿਹਤਰ ਬਦਲਾਅ ਕੀਤੇ ਜਾ ਸਕਦੇ ਹਨ, ਜਿਸ ਅਨੁਸਾਰ ਹੁਣ ਪਤੀ ਜਾਂ ਪਤਨੀ ਦੀ ਬੀਮਾਰੀ ਦੀ ਹਾਲਤ ਵਿਚ ਵੀ ਤਬਾਦਲੇ ਲਈ ਅੰਕ ਦਿੱਤੇ ਜਾਣਗੇ। ਇਸਦੇ ਨਾਲ ਹੀ ਬੱਚਿਆਂ ਦੀ ਬੀਮਾਰੀ, ਨਵ-ਵਿਆਹੇ, ਵਿਧਵਾ, ਨੇਤਰਹੀਣ, ਦਿਵਿਆਂਗ ਅਤੇ ਖ਼ਾਸ ਕਰਕੇ ਫ਼ੌਜੀ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਰਸੇ ਬਾਅਦ ਫ਼ੌਜੀ ਛੁੱਟੀ ਲੈ ਕੇ ਆਉਂਦੇ ਹਨ। ਅਜਿਹਾ ’ਚ ਜੇਕਰ ਉਨ੍ਹਾਂ ਦੀ ਅਧਿਆਪਕਾ ਪਤਨੀ ਜਾਂ ਮਾਂ ਕਿਤੇ ਦੂਰ ਹੋਵੇ ਤਾਂ ਇਹ ਠੀਕ ਨਹੀਂ ਹੋਵੇਗਾ।ਪਿਛਲੀ ਤਬਾਦਲਾ ਨੀਤੀ ਹਰਿਆਣਾ ਅਤੇ ਕਰਨਾਟਕ ਦੀ ਤਬਾਦਲਾ ਨੀਤੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਸੀ ਪਰ ਇਸ ਨੀਤੀ ਵਿਚ ਤਜ਼ਰਬੇ ਦੇ ਆਧਾਰ ਤੇ ਬਦਲਾਅ ਕੀਤੇ ਜਾ ਰਹੇ ਹਨ।